ਲੋਕ ਸਾਹਿਤ, ਲੋਕ ਧੁਨਾਂ ਅਤੇ ਲੋਕ ਮਨਾਂ ਦੀ ਤਰਜ਼ਮਾਨੀ ਕਰਦੀ ਪੰਜਾਬੀ ਫਿਲਮ ‘ਚੱਲ ਜ਼ਿੰਦੀਏ’ ਆਪਣੇ-ਆਪ ਵਿਚ ਹੀ ਮੁਕੰਮਲ ਮੁਕਾਮ ਦਾ ਸ਼ਿਖਰ ਹੈ। ਜੱਸ ਬਾਜਵਾ ਦਾ ਕਿਰਦਾਰ ( ) ਆਪਣੇ ਹਿੱਸੇ ਦੀ ਧਰਤੀ ਤੇ ਅੰਬਰ ਲਈ ਲੜਦੇ ਬੰਦਿਆਂ ਦੇ ਸੰਘਰਸ਼ ਦੀ ਦਾਸਤਾਨ ਹੈ। ਅੱਜ ਕਿੰਨੇ ਹੀ ਪਰਦੇਸੀ ਧੀਆਂ-ਪੁੱਤ ਆਪਣੀ ਬੀਬੀ ਦੀ ਨਿੱਘੀ ਗੱਲਵੱਕੜੀ ਦੇ ਮੋਹ ਨੂੰ ਤਰਸਦੇ ਫੇਰ ਦੁਬਾਰਾ ਕਦੇ ਨਾ ਮਿਲੇ। ਦਰਅਸਲ ਇਸ ਕਹਾਣੀ ਦਾ ਕੈਨਵਸ ਪਰਵਾਸੀ ਲੋਕਾਂ ਦੇ ਪਰਵਾਸ ਵਿਚ ਹੋਏ ਵਾਸ, ਵਿਕਾਸ ਅਤੇ ਵਿਨਾਸ਼ ਦਾ ਲੇਖਾ ਜੋਖਾ ਕਰਦਾ ਨਜ਼ਰ ਆਉਂਦਾ ਹੈ। ਗੁਰਪ੍ਰੀਤ ਘੁੱਗੀ, ਰੁਪਿੰਦਰ ਰੂਬੀ ਵਰਗੇ ਦੁਨੀਆਂ ਦੀਆਂ ਸਾਰੀਆਂ ਦੌਲਤਾਂ ਪਾ ਕੇ ਮੁੜ ਪਿੰਡ ਦੇ ਕੱਚੇ ਢਾਰਿਆਂ ‘ਚ ਮਰਨ ਲਈ ਵਿਲਕ ਰਹੇ ਆਤਮਜੀਤ ਦੇ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਵਾਂਗ ਤੜਫ਼ ਰਹੇ ਲੋਕ ਹਨ। ਇੰਝ ਲਗਦੈ! ਪੰਜਾਬ ਦੀ ਮਿੱਟੀ ਦੇ ਮੋਹ ‘ਤੇ ਮਾਂ ਦੀ ਮਮਤਾ ਦੀ ਛੋਹ ਤੋਂ ਬਿਨਾਂ ਬੰਦੇ ਦੀ ਮੁਕਤੀ ਸੰਭਵ ਨਹੀਂ।
ਧਰਤੀ ਕੋਈ ਵੀ ਹੋਵੇ, ਕੀ ਫ਼ਰਕ ਪੈਂਦਾ। ਬਘਿਆੜਾਂ ਦੇ ਜੰਗਲ ਵਿਚ ਇਕੱਲੀ ਮਾਂ ਨੀਰੂ ਬਾਜਵਾ ( ) ਵਾਸਤੇ ਧੀ ਨੂੰ ਪਾਲਣਾ ਇਸ ਸੰਸਾਰ ਵਿਚ ਔਖਾ ਜਾਪਦਾ ਹੈ। ਬੇਵੱਸ, ਲਾਚਾਰ ਮਾਂ ਵੀ ਮੋਢਾ ਭਾਲਦੀ ਹੈ ਜੇ ਕੋਈ ਉਸਦੀ ਰੂਹ ਦਾ ਹਾਣੀ ਬਣ ਕੇ ਟੱਕਰੇ। ਉਸ ਅੰਦਰਲੀ ਔਰਤ ਵੀ ਬਲਵੰਤ ਗਾਰਗੀ ਦੇ ਨਾਟਕਾਂ ਦੀਆਂ ਨਾਇਕਾਵਾਂ ਵਾਂਗ ਪਿਘਲਣਾ ਲੋਚਦੀ ਹੈ ਜੇ ਕੋਈ ਬਿਨਾ ਕਰਾਰ ਕੀਤੇ ਇਨਸਾਨੀਅਤ ਦੇ ਫਰਜ਼ ਨਿਭਾ ਜਾਵੇ। ਰੂਹਾਂ ਦੀਆਂ ਸੇਜਾਂ ਨੂੰ ਮਾਨਣ ਵਾਸਤੇ ਕਈ ਵਾਰ ਦੇਹਾਂ ਦੀਆਂ ਦੇਹਲੀਆਂ ਨੂੰ, ਹੱਦਾਂ ਸਰਹੱਦਾਂ ਤੋਂ ਪਾਰ ਲੰਘਣਾ ਪੈਂਦਾ ਹੈ। ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ ਦੇ ਕਿਰਦਾਰ ਉੱਜੜ ਕੇ ਵੱਸਣ ਦੀ ਤਾਂਘ ਨੂੰ ਜਿਉਂਦਾ ਰੱਖਣ ਦਾ ਹੀਲਾ ਵਸੀਲਾ ਕਰਦੇ ਰਹਿੰਦੇ ਹਨ। ਖੌਰੇ ਜ਼ਿੰਦਗੀ ਦੁਬਾਰਾ ਮਿਲਣੀ ਹੈ ਕਿ ਨਹੀਂ, ਇਸ ਗੀਤ ਵਿਚ ਸਾਧਾਰਣ ਬੰਦੇ ਦਾ ਦੈਵੀ ਤੇ ਦੁਨਿਆਂਵੀ ਰੰਗ ਸਮਾ ਜਾਂਦੇ ਹਨ। ਮੱਧਕਾਲ ਵਿਚ ਹੀ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਨੇ ਬੰਦੇ ਦੇ ਬਿਰਹਾ (ਦਰਦ ਵਿਛੋੜੇ ਦੇ ਹਾਲ) ਨੂੰ ਅਮਰ ਕਰ ਦਿੱਤਾ ਸੀ। ਜਿਸ ਨੂੰ ਮੁੜ ਨਵੇਂ ਯੁੱਗ ਵਿਚ ਵਿਲਕਦੇ ਲੋਕਾਂ ਦੇ ਮੂੰਹੋ ਇਸ ਕਲਾਮ ਨੂੰ ਸੁਰਜੀਤ ਕੀਤਾ ਗਿਆ। ਚੱਲ ਜ਼ਿੰਦੀਏ ਫਿਲਮ ਦਾ ਵਿਸ਼ਾ ਹਾਰੇ, ਦੁਖਿਆਰੇ ਬੰਦੇ ਨੂੰ ਦੁਬਾਰਾ ਦਲੇਰੀ ਨਾਲ ਤੁਰਨ ਦੀ ਹੱਲਾਸ਼ੇਰੀ ਹੈ। ਨੀਰੂ ਬਾਜਵਾ ਦੀ ‘ਕਲੀ ਜੋਟਾ’ ਤੋਂ ਬਾਅਦ ਇਹ ਪੰਜਾਬੀ ਸਿਨਮੇ ਦੀ ਦੂਸਰੀ ਬਹੁਤ ਵੱਡੀ ਫਿਲਮ ਬਣਨ ਜਾ ਰਹੀ ਹੈ। ਜਿਸ ਵਾਸਤੇ ਸਮੁੱਚੀ ਟੀਮ ਦੀ ਅਣਥੱਕ ਮਿਹਨਤ ਨੂੰ ਮੁਬਾਰਕਬਾਦ ਦਿੰਦੇ ਹਾਂ। ਜਗਦੀਪ ਵੜਿੰਗ ਦੀ ਕਲਮ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲੇਗਾ। ਜਿਸ ਨੇ ਆਪਣੀ ਕਹਾਣੀ ਰਾਹੀਂ ਲੱਖਾਂ ਬੇਜ਼ੁਬਾਨ ਪਰਵਾਸੀ ਲੋਕਾਂ ਦੇ ਦੁੱਖਾਂ-ਸੁੱਖਾਂ ਆਵਾਜ਼ ਦਿੱਤੀ।
ਡਾ. ਵੀਰਪਾਲ ਕੌਰ ਸਿੱਧੂ (ਵੀਰ ਵਹਾਬ)