ਮਸਤਾਨੇ ਫਿਲਮ ਰਿਵਿਊ

Filmi Bytes Movie Review

ਸਿੱਖ ਇਤਿਹਾਸ ਦੇ ਅਨਗੋਲੇ ਤੇ ਸੁਨਿਹਰੀ ਇਤਿਹਾਸ ਨੂੰ ਫ਼ਿਲਮੀ ਪਰਦੇ ਤੇ ਦਿਖਾਉਣ ਲਈ ਵੇਹਲੀ ਜਨਤਾ ਟੀਮ ਤੇ ਤਰਸੇਮ ਜੱਸੜ ਵਲੋਂ ਬਹੁਤ ਮਿਹਨਤ ਨਾਲ ਬਣਾਈ ਗਈ ਮਸਤਾਨੇ ਪੰਜਾਬੀ ਫਿਲਮ ਅੱਜ ਰਿਲੀਜ਼ ਹੋ ਗਈ। ਜੋ ਕੇ ਪੰਜਾਬੀ ਦੇ ਨਾਲ ਨਾਲ ਹਿੰਦੀ, ਤਾਮਿਲ, ਤੇਲੁਗੂ ਅਤੇ ਮਰਾਠੀ ਭਾਸ਼ਾ ਵਿੱਚ ਵੀ ਰਲੀਜ਼ ਕੀਤੀ ਗਈ ਹੈ। ਜੋ ਕੇ ਕਿਸੇ ਵੀ ਪੰਜਾਬੀ ਫਿਲਮ ਦੇ ਲਈ ਬਹੁਤ ਵੱਡੀ ਗੱਲ ਹੈ।

ਇਸ ਫ਼ਿਲਮ ਦਾ ਨੌਜਵਾਨ ਪੀੜੀ ਖਾਸ ਕਰਕੇ ਪੰਜਾਬੀ ਨੌਜਵਾਨਾਂ (ਬੇਸ਼ੱਕ ਉਹ ਪੰਜਾਬ ਵਿੱਚ ਰਹਿੰਦੇ ਹਨ, ਜਾ ਕੈਨੇਡਾ, ਅਮਰੀਕਾ, ਇੰਗਲੈਂਡ ਜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ) ਵਲੋਂ ਬਹੁਤ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਫ਼ਿਲਮ ਵਿੱਚ ਸਿੱਖ ਕੌਮ ਦੇ ਉਸ ਸੁਨਿਹਰੀ ਇਤਿਹਾਸ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਕਾਬੁਲ ਦੇ ਉਸ ਸਮੇਂ ਦੇ ਜ਼ਾਲਮ ਤੇ ਬੇਖੌਫ਼ ਬਾਦਸ਼ਾਹ ਤੇ ਸਿੱਖ ਯੋਧਿਆਂ ਵਲੋਂ ਹੱਥ ਪਾਇਆ ਜਾ ਰਿਹਾ ਸੀ, ਜਿਸ ਅੱਗੇ ਸਾਰਾ ਹਿੰਦੁਸਤਾਨ ਝੁਕਿਆ ਹੋਇਆ ਸੀ ਤੇ ਰਾਜੇ ਆਪਣੀਆਂ ਜਾਨਾਂ ਬਚਾਉਣ ਲਈ ਆਪਣੀਆਂ ਪਤਨੀਆਂ ਤੇ ਲੜਕੀਆਂ ਨੂੰ ਬਾਦਸ਼ਾਹ ਅੱਗੇ ਪੇਸ਼ ਕਰਕੇ ਆਪਣੀ ਜਾਨ ਬਚਾ ਰਹੇ ਸਨ।

ਗੱਲ ਕਰ ਰਹੇ ਹਾਂ 18ਵੀ ਸਦੀ ਦੀ, ਜਦੋਂ ਨਾਦਰ ਸ਼ਾਹ ਅਬਦਾਲੀ ਵਲੋਂ ਦਿੱਲੀ ਤੇ ਬੇਖੌਫ਼ ਹੋ ਕੇ ਹਮਲੇ ਕੀਤੇ ਜਾ ਰਹੇ ਸਨ ਤੇ ਦਿੱਲੀ ਦੇ ਸੋਨਾ, ਚਾਂਦੀ, ਹੀਰੇ, ਜਵਾਹਰਾਤ ਤੇ ਇਥੋਂ ਤੱਕ ਕੇ ਨੌਜਵਾਨ ਖੂਬਸੂਰਤ ਔਰਤਾਂ ਤੇ ਕੁੜੀਆਂ ਨੂੰ ਕੈਦ ਕਰਕੇ ਆਪਣੇ ਨਾਲ ਕਾਬੁਲ ਲਿਜਾਇਆ ਜਾ ਰਿਹਾ ਸੀ। ਪਰ ਹਿੰਦੁਸਤਾਨ ਦੇ ਕਿਸੇ ਵੀ ਰਾਜੇ ਜਾ ਯੋਧਿਆਂ ਵਲੋਂ ਉਸ ਵੱਲ ਦੇਖਣ ਦੀ ਹਿੰਮਤ ਨਹੀਂ ਕੀਤੀ ਜਾ ਰਹੀ ਸੀ। ਉਸ ਸਮੇਂ ਜੰਗਲਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਫਿਰ ਸ. ਜੱਸਾ ਸਿੰਘ ਆਹਲੂਵਾਲੀਆਂ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ ਵਲੋਂ ਰਾਤ ਦੇ ਸਮੇਂ ਟਿੱਡੀ ਦੱਲ ਵਲੋਂ ਨਾਦਰ ਸ਼ਾਹ ਦੀ ਫੌਜ਼ ਤੇ ਹਮਲਾ ਕਰਕੇ ਕੈਦ ਕੀਤੀਆਂ ਕੁੜੀਆਂ ਤੇ ਔਰਤਾਂ ਨੂੰ ਵਾਪਿਸ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਇਆ ਜਾ ਰਿਹਾ ਸੀ।

ਜਿਸ ‘ਤੇ ਨਾਦਰ ਸ਼ਾਹ ਅਬਦਾਲੀ ਤਿਲਮਿਲਾ ਉੱਠਿਆ ਤੇ ਗੁੱਸੇ ਦਾ ਭਰਿਆ ਪੀਤਾ ਲਾਹੌਰ ਪਹੁੰਚ ਗਿਆ। ਲਾਹੌਰ ਜਾ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਤੋਂ ਪੁੱਛਿਆ ਕਿ ਇਹ ਲੋਕ ਕੌਣ ਹਨ? ਜੋ ਕਿ ਮੈਨੂੰ ਲੁੱਟਣ ਦਾ ਜ਼ੇਰਾ ਕਰ ਰਹੇ ਹਨ। ਮੈਂ ਦਿੱਲੀ ਨੂੰ ਬੇਖੌਫ ਹੋ ਕੇ ਲੁਟਿਆ, ਇਹ ਪੰਜਾਬ ਵਿੱਚ ਮੈਨੂੰ ਲੁੱਟ ਰਹੇ ਹਨ| ਇਹ ਲੋਕ ਕਿੱਥੇ ਰਹਿੰਦੇ ਹਨ ਤੇ ਕੌਣ ਹਨ? ਇਹਨਾਂ ਦੇ ਘਰ ਕਿੱਥੇ ਹਨ? ਪਰਿਵਾਰ ਕਿਥੇ ਰਹਿੰਦਾ ਹੈ? ਇਹ ਖਾਂਦੇ ਕੀ ਹਨ ਤੇ ਪਹਿਨਦੇ ਕੀ ਹਨ? ਮੈਨੂੰ ਇਹਨਾਂ ਬਾਰੇ ਸਾਰੀ ਜਾਣਕਾਰੀ ਚਾਹੀਦੀ ਹੈl ਇਸ ਬਾਰੇ ਫਿਰ ਜ਼ਕਰੀਆ ਖਾਨ ਨੇ ਨਾਦਿਰ ਸ਼ਾਹ ਨੂੰ ਦੱਸਿਆ ਕੀ ਇਹ ਆਪਦੇ ਆਪ ਨੂੰ ਸਿੱਖ ਕਹਾਉਂਦੇ ਹਨ। ਇਹਨਾਂ ਦਾ ਪਹਿਲਾ ਵਲੀ ਗੁਰੂ ਨਾਨਕ ਹੋਇਆ ਹੈ ਤੇ ਦੱਸਵਾ ਗੁਰੂ ਗੋਬਿੰਦ ਸਿੰਘ ਹੋਇਆ ਹੈ।ਜਿਸਨੇ ਇਹਨਾ ਨੂੰ ਆਬੇ-ਹਿਯਾਤ ਦੇ ਕੇ ਅਮਰ ਬਣਾ ਦਿੱਤਾ ਹੈ। ਇਹ ਕਿਸੇ ਦਾ ਡਰ ਨਹੀਂ ਮੰਨਦੇ, ਇਹ ਜੰਗਲਾਂ ਵਿੱਚ ਰਹਿੰਦੇ ਹਨ ਤੇ ਛੋਲਿਆਂ ਨੂੰ ਬਦਾਮ ਕਹਿ ਕੇ ਖਾਂਦੇ ਹਨ। ਇਹ ਘੋੜਿਆਂ ਦੀਆਂ ਕਾਠੀਆਂ ਤੇ ਹੀ ਸੌਂ ਜਾਂਦੇ ਹਨ। ਇਹ ਮਜ਼ਲੂਮਾਂ ਤੇ ਬੇਸਹਾਰਿਆ ਦੀ ਰੱਖਿਆ ਕਰਦੇ ਹਨ। ਜਿਸ ਤੇ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਸਿੰਘਾਂ ਨੂੰ ਉਸਦੇ ਸਾਹਮਣੇ ਪੇਸ਼ ਕਰਨ ਲਈ ਕਿਹਾ।

ਇਸ ਤੋਂ ਬਾਅਦ ਸਾਰੀ ਫ਼ਿਲਮ ਦੇ ਵਿੱਚ ਸਿੱਖਾਂ ਨੂੰ ਨਾਦਰ ਸ਼ਾਹ ਦੇ ਸਾਹਮਣੇ ਪੇਸ਼ ਕਰਨ ਦੇ ਲਈ ਕਿਸ ਤਰਾਂ ਜ਼ਕਰੀਆਂ ਖਾਨ ਦੇ ਵਜ਼ੀਰ ਵੱਲੋਂ ਮਸਖ਼ਰਿਆ ਤੇ ਭੰਡਾਂ ਨੂੰ ਨਕਲੀ ਸਿੰਘ ਬਣਾ ਕੇ ਪੇਸ਼ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ, ਉਹ ਸਭ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ।

ਫਿਲਮ ਦੇ ਵਿੱਚ ਗੁਰਪ੍ਰੀਤ ਘੁੱਗੀ (ਕਲੰਦਰ), ਤਰਸੇਮ ਜੱਸੜ (ਜਹੂਰ), ਕਰਮਜੀਤ ਅਨਮੋਲ (ਬਸ਼ੀਰ), ਹਨੀ ਮੱਟੂ , ਬਨਿੰਦਰ ਬੰਨੀ, ਸਿਮੀ ਚਾਹਲ (ਨੂਰ), ਰਾਹੁਲ ਦੇਵ (ਨਾਦਰ ਸ਼ਾਹ), ਅਵਤਾਰ ਗਿੱਲ (ਜ਼ਕਰੀਆਂ ਖਾਨ), ਆਰਿਫ਼ ਜ਼ਕਾਰੀਆਂ (ਵਜ਼ੀਰ) ਵੱਲੋਂ ਬਾਖੂਬੀ ਅਦਾਕਾਰੀ ਕੀਤੀ ਗਈ ਹੈ। ਫਿਲਮ ਦੇ ਵਿੱਚ ਉਸ ਸਮੇਂ ਨੂੰ ਪਰਦੇ ਤੇ ਪੇਸ਼ ਕਰਨ ਲਈ ਵੇਹਲੀ ਜਨਤਾ ਦੀ ਆਰਟ ਟੀਮ ਵੱਲੋਂ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ| ਉਸ ਸਮੇਂ ਦੀ ਬੋਲੀ ਜਾਂਦੀ ਬੋਲੀ ਨੂੰ ਪੇਸ਼ ਕਰਨ ਲਈ ਅਦਾਕਾਰਾ ਵਲੋਂ ਬਾਖੂਬੀ ਤਿਆਰੀ ਕੀਤੀ ਗਈ ਹੈ| ਫਿਲਮ ਦਾ ਸੰਗੀਤ ਬਹੁਤ ਵਧੀਆ ਹੈ ਤੇ ਗੀਤ ਜੋ ਕੇ ਤਰਸੇਮ ਜੱਸੜ, ਦਲੇਰ ਮਹਿੰਦੀ, ਵਲੋਂ ਗਾਏ ਗਏ ਹਨ।

ਅਦਾਕਾਰੀ ਦੇ ਵਿੱਚ ਗੁਰਪ੍ਰੀਤ ਘੁੱਗੀ ਨੇ ਕਲੰਦਰ ਦਾ ਆਪਣਾ ਰੋਲ ਬਹੁਤ ਵਧੀਆ ਅਦਾ ਕੀਤਾ ਹੈ ਤੇ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਵੱਲੋਂ ਸੁਲਤਾਨ ਬਾਹੂ ਦੀ ਲਿਖਤ ਨੂੰ ਵੀ ਬਹੁਤ ਗਾਇਨ ਕਰਕੇ ਬਖੂਬੀ ਪੇਸ਼ ਕੀਤਾ ਗਿਆ ਹੈ। ਤਰਸੇਮ ਜੱਸੜ ਵੱਲੋਂ ਜਹੂਰ ਦਾ ਪਾਤਰ ਬਹੁਤ ਵਧੀਆ ਪੇਸ਼ ਕੀਤਾ ਗਿਆ ਹੈ। ਉਸ ਦੀਆਂ ਆਪਣੇ ਪਾਤਰ ਦੇ ਅਨੁਸਾਰ ਕੋਹਲੂ ਭਰੀਆਂ ਅੱਖਾਂ ਦੀ ਅਦਾਕਾਰੀ ਤੇ ਬੇਤੁੱਕੇ ਵਿਵਹਾਰਾਂ ਨੇ ਦਰਸ਼ਕਾ ਨੂੰ ਆਪਣੀ ਸੀਟ ਤੋਂ ਨਹੀਂ ਹਿਲਣ ਦਿੱਤਾ। ਕਰਮਜੀਤ ਅਨਮੋਲ ਵੱਲੋਂ (ਬਸ਼ੀਰ) ਦੇ ਕਿਰਦਾਰ ਨੂੰ ਆਪਣੀਆਂ ਬਾਕੀ ਦੀਆਂ ਫ਼ਿਲਮਾਂ ਦੇ ਅਨੁਸਾਰ ਇੱਕ ਵਾਰੀ ਫਿਰ ਤੋਂ ਜ਼ਿੰਦਾਂ ਕਰ ਦਿੱਤਾ ਹੈ, ਤੇ ਮਰਾਸੀਆਂ ਵੱਲੋਂ ਕੀਤੇ ਜਾਂਦੇ ਉਸ ਸਮੇਂ ਦੇ ਕੰਮਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਜਿੱਥੇ ਇੱਕ ਪਾਸੇ ਉਸਨੂੰ ਆਪਣੇ ਪਰਿਵਾਰ ਦੀ ਫਿਕਰ ਹੁੰਦੀ ਹੈ, ਉੱਥੇ ਹੀ ਦੂਸਰੇ ਪਾਸੇ ਉਹ ਆਪਣੇ ਦੋਸਤਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਰਹਿੰਦਾ ਹੈ। ਹਨੀ ਮੱਟੂ ਵੱਲੋਂ ਆਪਣੇ ਕਿਰਦਾਰ ਨੂੰ ਜ਼ਿੰਦਾਦਿਲੀ ਨਾਲ ਪੇਸ਼ ਕੀਤਾ ਗਿਆ ਹੈ। ਸਿਮੀ ਚਾਹਲ (ਨੂਰ) ਦੀ ਭੂਮਿਕਾ ਬੇਸ਼ੱਕ ਬਹੁਤ ਛੋਟੀ ਹੈ, ਪਰ ਉਸ ਨਾਲ ਇਨਸਾਫ਼ ਕੀਤਾ ਗਿਆ ਹੈ ਤੇ ਉਸ ਸਮੇਂ ਦੀ ਔਰਤਾਂ ਦੇ ਹਾਲਾਤ ਨੂੰ ਪਰਦੇ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਫਿਲਮ ਦੇ ਅੱਧ ਤੋਂ ਪਹਿਲਾਂ ਫਿਲਮ ਬਹੁਤ ਹੌਲੀ-ਹੌਲੀ ਅੱਗੇ ਵੱਧਦੀ ਹੈ ਜਿਸ ਨਾਲ ਦਰਸ਼ਕਾਂ ਨੂੰ ਕੁੱਝ ਔਖ ਵੀ ਮਹਿਸੂਸ ਹੁੰਦੀ ਹੈ, ਪਰ ਫਿਲਮ ਦੇ ਅੱਧ ਤੋਂ ਬਾਅਦ ਫਿਲਮ ਇੱਕਦਮ ਤੇਜ਼ ਨਾਲ ਅੱਗੇ ਨੂੰ ਵੱਧਦੀ ਹੈ| ਅੱਧ ਤੋਂ ਬਾਅਦ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਨਿਹੰਗ ਸਿੰਘ ਫੌਜਾਂ ਵੱਲੋਂ ਕਿਸੇ ਫਿਲਮ ਵਿੱਚ ਪਹਿਲੀ ਵਾਰੀ ਸਹੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਨਿਹੰਗ ਸਿੰਘ ਫੌਜਾਂ ਵੱਲੋਂ ਉਸ ਸਮੇਂ ਨੂੰ ਸਿੰਘਾਂ ਵੱਲੋਂ ਕਿਸ ਤਰ੍ਹਾਂ ਬਤੀਤ ਕੀਤਾ ਜਾਂਦਾ ਸੀ ਬਾਖੂਬੀ ਢੰਗ ਨਾਲ ਦਿਖਾਇਆ ਗਿਆ ਹੈ। ਨਿਹੰਗ ਸਿੰਘ ਫੌਜ ਵੱਲੋਂ ਕੈਦ ਕੀਤੀਆਂ ਔਰਤਾਂ ਤੇ ਕੁੜੀਆਂ ਨੂੰ ਨਾਦਿਰ ਸ਼ਾਹ ਦੀ ਕੈਦ ‘ਚੋਂ ਛੁਡਵਾ ਕੇ ਉਨ੍ਹਾਂ ਦੇ ਘਰ ਵਿੱਚ ਭੇਜਣਾ ਬਾਖੂਬੀ ਦਿਖਾਇਆ ਗਿਆ ਹੈ|

ਮਸਤਾਨੇ ਫ਼ਿਲਮ ਦੇ ਸੰਗੀਤ ਨੂੰ ਪੰਜ ਵਿਚੋਂ ਚਾਰ ਨੰਬਰ ਦਿੱਤੇ ਜਾ ਸਕਦੇ ਹਨ। ਅਦਾਕਾਰੀ ਪੱਖੋਂ ਸਾਰੇ ਕਲਾਕਾਰ ਵਲੋ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਲਈ ਪੰਜ ਵਿੱਚੋਂ ਪੰਜ ਨੰਬਰ ਦਿੱਤੇ ਜਾ ਸਕਦੇ ਹਨ। ਉਸ ਸਮੇਂ ਨੂੰ ਪਰਦੇ ਤੇ ਦਿਖਾਉਣ ਲਈ ਸ਼ਰਨ ਆਰਟ (ਆਰਟ ਟੀਮ) ਵੱਲੋਂ ਕੀਤੇ ਗਏ ਕੰਮ ਲਈ ਫਿਲਮ ਨੂੰ ਪੰਜ ‘ਚੋਂ ਪੰਜ ਨੰਬਰ ਦਿੱਤੇ ਜਾ ਸਕਦੇ ਹਨ।

ਪੰਜਾਬੀ ਫਿਲਮ ਇੰਡਸਟਰੀ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਇਹ ਪਹਿਲੀ ਫ਼ਿਲਮ ਹੈ, ਕਹਾਣੀ ਸ਼ਾਨਦਾਰ ਹੈ ਤੇ ਸਿਨੇਮੈਟੋਗ੍ਰਾਫੀ ਸਮੇਂ ਦੇ ਅਨੁਸਾਰ ਕੀਤੀ ਗਈ ਹੈ| ਸੰਗੀਤ ਉਸ ਸਮੇਂ ਦੇ ਮੁਗ਼ਲ ਪ੍ਰਭਾਵ ਨੂੰ ਬਾਖੂਬੀ ਜ਼ਿੰਦਾਂ ਕਰਦਾ ਹੈ|

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕੇ ਤਰਸੇਮ ਜੱਸੜ ਤੇ ਉਸ ਦੀ ਸਾਰੀ ਟੀਮ ਵਲੋਂ ਸਿੱਖ ਇਤਿਹਾਸ ਨੂੰ ਪਰਦੇ ਤੇ ਦਿਖਾਉਣ ਲਈ ਬਹੁਤ ਮਿਹਨਤ ਕੀਤੀ ਗਈ ਹੈ। ਇਸ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਪਰਿਵਾਰ ਸਮੇਤ ਖਾਸ ਕਰਕੇ ਛੋਟੇ ਬੱਚੇ ਬੱਚੀਆਂ ਨੂੰ ਇਹ ਫਿਲਮ ਦਿਖਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।

ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ

cropped-Filmi-Bytes.jpg
Team Filmi Bytes

Team FilmiBytes.com

Previous articleTrailer for the Film ‘Bhootni De’ Launched, Set for Exclusive Stream on Chaupal TV App on August 30th.
Next articleCM Bhagwant Mann Applauds ‘Mastaney’: A Highly Anticipated Cinematic Success Now Thriving in Theaters

1 COMMENT

Comments are closed.